Sukha Singh Mehatab Singh-ਭਾਈ ਸਾਹਿਬ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ

1740 ਈਸਵੀ ਵਿੱਚ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਇਕ ਜਾਲਿਮ ਮੱਸੇ ਰੰਘੜ ਨੇ ਕਬਜਾ ਕਰ ਲਿਆ ਸੀ। ਉਹ ਦਰਬਾਰ ਸਾਹਿਬ ਵਿੱਚ ਹੁੱਕਾ ਪੀਂਦਾ ਸੀ ਅਤੇ ਸ਼ਰਾਬ ਪੀਂਦਾ ਸੀ। ਉੱਥੇ ਨਚਾਰਾਂ ਨੱਚਦੀਆਂ ਸਨ। ਮੱਸਾ ਰੰਘੜ ਨੇ ਦਰਬਾਰ ਸਾਹਿਬ ਦੀ ਪੂਰੀ ਤਰ੍ਹਾਂ ਬੇਅਦਬੀ ਕੀਤੀ ਹੋਈ ਸੀ।

ਇਸ ਗੱਲ ਦਾ ਪਤਾ ਭਾਈ ਸਾਹਿਬ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਨੂੰ ਲੱਗਿਆ। ਜਦੋਂ ਉਹਨਾਂ ਨੇ ਸੁਣਿਆ ਕਿ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਖਤਮ ਕਰ ਦਿੱਤਾ ਗਿਆ ਹੈ ਉਥੇ ਬਹੁਤ ਬੇਅਦਬੀ ਕੀਤੀ ਜਾ ਰਹੀ ਹੈ। ਤਾਂ ਉਹਨਾਂ ਦੇ ਖੂਨ ਨੇ ਉਬਾਲਾ ਖਾਧਾ। ਉਹ ਦੋਵੇ ਤਿਆਰ ਹੋ ਕੇ ਗੁਰੂ ਸਾਹਿਬ ਜੀ ਚਰਨਾਂ ਵਿੱਚ ਅਰਦਾਸ ਕਰ ਕੇ ਦਰਬਾਰ ਸਾਹਿਬ ਵੱਲ ਚੱਲ ਪਏ।

ਰਾਹ ਵਿੱਚ ਜਿਨ੍ਹਾਂ ਨੇ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗੁਰੂ ਦੇ ਸਿੱਖਾਂ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਉਹ ਅੰਮ੍ਰਿਤਸਰ ਪੁੱਜੇ ਉਹਨਾਂ ਨੇ ਬਜ਼ਾਰ ਵਿੱਚੋਂ ਦੋ ਥੈਲੇ ਖਰੀਦੇ। ਉਹਨਾਂ ਥੈਲੀਆਂ ਵਿੱਚ ਠੀਕਰੀਆਂ ਅਤੇ ਸਿੱਕੇ ਰੁਪਏ ਭਰੇ ਅਤੇ ਭੇਸ਼ ਬਦਲ ਕੇ ਦਰਬਾਰ ਸਾਹਿਬ ਵਿੱਚ ਜਾਣ ਦੀ ਇਜਾਜਤ ਮੰਗੀ।

ਉਥੇ ਪਹੁੰਚ ਕੇ ਉਹਨਾਂ ਨੂੰ ਕੁਰਸੀਆਂ ਤੇ ਬੈਠਣ ਲਈ ਕਿਹਾ, ਪਰ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਸੌਦਾ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਮੱਸੇ ਦੇ ਵੱਲ ਰੁਪਏ ਵਾਲਾ ਥੈਲਾ ਕੀਤਾ ਜਿਵੇਂ ਹੀ ਮੱਸੇ ਨੇ ਥੈਲੇ ਵਿੱਚ ਦੇਖਣ ਲਈ ਸਿਰ ਅੱਗੇ ਕੀਤਾ ਗੁਰੂ ਦੇ ਸੂਰਮਿਆਂ ਨੇ ਖਿੱਚੀ ਮਿਆਨ ਵਿੱਚੋਂ ਤਲਵਾਰ ਅਤੇ ਕੀਤਾ ਮੱਸੇ ਦਾ ਸਿਰ ਧੜ ਤੋਂ ਜੁਦਾ।

ਉਸ ਸਮੇਂ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ, ਪਰ ਸ. ਸੁੱਖਾ ਸਿੰਘ ਅਤੇ ਸ. ਮਹਿਤਾਬ ਸਿੰਘ ਨੇ ਇਹ ਗੱਲ ਸਾਬਿਤ ਕਰ ਦਿੱਤੀ ਕਿ ਸਿੱਖ ਗੁਰੂ ਸਾਹਿਬ ਜੀ ਅਤੇ ਗੁਰੂ ਘਰ ਦੀ ਬੇਅਦਬੀ ਕਦੀ ਬਰਾਦਸ਼ਤ ਨਹੀਂ ਕਰ ਸਕਦਾ ਉਸ ਵਿੱਚ ਕਲਗੀਧਰ ਮਹਾਰਾਜ ਨੇ ਐਨੀ ਸ਼ਕਤੀ ਬਖਸ਼ੀ ਹੈ ਕਿ ਉਹ ਇਕੱਲਾ ਹੀ ਸਵਾ ਲੱਖ ਦਾ ਸਾਹਮਣਾ ਕਰ ਸਕਦਾ ਹੈ।