Shri Guru Nanak Dev Ji-ਗੁਰੂ ਨਾਨਕ ਦੇਵ ਜੀ

ਇੱਕ ਅਦੁੱਤੀ ਸ਼ਖਸੀਅਤ ਦੇ ਮਾਲਕ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ, ਜਿੰਨ੍ਹਾ ਨੇ ਦੁਨੀਆਂ ਤੇ ਪੈਦਲ ਯਾਤਰਾ ਕਰਕੇ ਅਨੇਕਾਂ ਹੀ ਭਟਕੇ ਹੋਏ ਲੋਕਾਂ ਨੂੰ ਪ੍ਰਭੂ ਭਗਤੀ ਦਾ ਉਪਦੇਸ਼ ਦੇ ਕੇ ਸਿੱਧੇ ਰਾਹੇ ਪਾਇਆ ਜਿਸ ਨਾਲ ਉਨ੍ਹਾਂ ਲੋਕਾਂ ਨੇ ਆਪਣੀ ਜਿੰਦਗੀ ਨੂੰ ਇੱਕ ਨਵੇਂ ਸਿਰਿਉਂ ਸ਼ੁਰੂ ਕੀਤਾ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਕੇ ਸੁਖਦਾਈ ਜ਼ਿੰਦਗੀ ਕੱਢੀ

ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਵਿਚ ਰਾਇ ਭੋਇ ਦੀ ਤਲਵੰਡੀ(ਨਨਕਾਨਾ ਸਾਹਬ) ਜਿਲ੍ਹਾ ਸ਼ੇਖਪੂਰਾ,ਪਾਕਿਸਤਾਨ ਵਿਖੇ ਮਹਿਤਾ ਕਲਿਆਣ ਦਾਸ(ਮਹਿਤਾ ਕਾਲੂ) ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ ਸੁਲਤਾਨ ਪੁਰ ਰਹਿਣ ਸਮੇਂ ਗੁਰੂ ਜੀ ਦਾ ਵਿਆਹ ਪੱਖੋਕੇ ਰੰਧਾਵੇ ਸ੍ਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ, ਜਿੰਨ੍ਹਾ ਦੀ ਕੁੱਖੋਂ ਸੰਨ 1494 ਈ: ਵਿੱਚ ਬਾਬਾ ਸ੍ਰੀ ਚੰਦ ਜੀ ਅਤੇ 1497 ਈ: ਵਿਚ ਬਾਬਾ ਲਖਮੀ ਦਾਸ ਜੀ ਨੇ ਜਨਮ ਲਿਆ.

ਗੁਰੂ ਨਾਨਕ ਦੇਵ ਜੀ ਨੂੰ ਜਦ ਉਨ੍ਹਾਂ ਦੇ ਪਿਤਾ ਜੀ ਇਕ ਪਾਂਧੇ ਕੋਲ ਪੜ੍ਹਨ ਲਈ ਲੈ ਕੇ ਗਏ ਤਾਂ ਗੁਰੂ ਨਾਨਕ ਦੇਵ ਜੀ ਨੇ ਅਜਿਹਾ ਪੱਟੀ ਉਤੇ ਆਤਮ ਗਿਆਨ ਲਿਖਿਆ ਕਿ ਪਾਂਧਾ ਉਨ੍ਹਾਂ ਦੀ ਦਿੱਬ ਦ੍ਰਿਸ਼ਟੀ ਨੂੰ ਵੇਖ ਕੇ ਉਨ੍ਹਾਂ ਦੇ ਚਰਨਾਂ ਵਿਚ ਡਿਗ ਪਿਆ ਉਹ ਬਚਪਨ ਵਿਚ ਹੀ ਪ੍ਰਭੂ ਦੀ ਭਗਤੀ ਵਿਚ ਲੱਗ ਗਏ, ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਮੱਝਾਂ ਚਾਰਨ ਭੇਜਿਆ ਤਾਂ ਉਹ ਸਮਾਧੀ ਲਗਾ ਕੇ ਬੈਠ ਗਏ ਅਤੇ ਮੱਝਾਂ ਸਾਰਾ ਖੇਤ ਚਰ ਗਈਆਂ ਖੇਤ ਦੇ ਮਾਲਕ ਨੇ ਜਦ ਗੁਰੂ ਜੀ ਦੇ ਪਿਤਾ ਕੋਲ ਸ਼ਿਕਾਇਤ ਕੀਤੀ ਤਾਂ ਜਦ ਇਸਦੀ ਪੜਤਾਲ ਕੀਤੀ ਗਈ ਤਾਂ ਉਹਨਾਂ ਦੇਖਿਆ ਕਿ ਖੇਤ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਹਰੀ ਭਰੀ ਫਸਲ ਖੜੀ ਸੀ

ਇਸ ਤੋਂ ਬਾਅਦ ਜਦ ਇੱਕ ਵਾਰ ਮਹਿਤਾ ਕਾਲੂ ਜੀ ਨੇ ਗੁਰੂ ਸਾਹਿਬ ਨੂੰ ਵੀਹ ਰੁਪਏ ਦੇ ਕੇ ਸੱਚਾ ਵਪਾਰ ਕਰਨ ਲਈ ਭੇਜਿਆ ਤਾਂ ਉਨ੍ਹਾਂ ਨੇ ਰਸਤੇ ਵਿਚ ਰਸਦ ਖਰੀਦ ਕੇ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਕੇ ਲੰਗਰ ਦੀ ਪ੍ਰਥਾ ਕਾਇਮ ਕੀਤੀ,ਇਸੇ ਮਰਿਆਦਾ ਤਹਿਤ ਹੁਣ ਗਰੀਬ-ਅਮੀਰ,ਜਾਤੀ,ਊਚ ਨੀਚ ,ਨਾਸਤਿਕ-ਆਸਤਿਕ ਧਰਮ-ਮਜ੍ਹਬ ਦੇ ਲੋਕਾਂ ਨੂੰ ਬਿਨ੍ਹਾਂ ਕਿਸੇ ਬਿਤਕਰੇ ਦੇ ਗੁਰਦੁਆਰਾ ਵਿਖੇ ਥੱਲੇ ਇਕ ਲਾਈਨ ਵਿਚ ਬਿਠਾ ਕੇ ਉਨ੍ਹਾਂ ਨੂੰ ਲੰਗਰ ਛਕਾਇਆ ਜਾਂਦਾ ਹੈਇਸ ਗੱਲ ਤੋਂ ਗੁਰੂ ਜੀ ਦੇ ਪਿਤਾ ਜੀ ਬਹੁਤ ਨਰਾਜ਼ ਹੋਏ ਕਿ ਉਨ੍ਹਾਂ ਨੂੰ ਸੌਦਾ ਖਰੀਦਣ ਲਈ ਭੇਜਿਆ ਸੀ ਤੇ ਉਹ ਖਾਲੀ ਹੱਥ ਆ ਗਏ

ਮੋਦੀਖਾਨੇ - ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਭੈਣ ਬੇਬੇ ਨਾਨਕੀ ਕੋਲ ਸੁਲਤਾਨਪਰ ਭੇਜ ਦਿੱਤਾ ਜਿਥੇ ਉਨ੍ਹਾਂ ਨੂੰ ਮੋਦੀਖਾਨੇ ਵਿਚ ਕੰਮ ਮਿਲ ਗਿਆ ਇਥੇ ਆਪ ਜੀ ਨੇ ਬੜੀ ਯੋਗਤਾ,ਇਮਾਨਦਾਰੀ ਅਤੇ ਲਗਨ ਨਾਲ ਕੰਮ ਕੀਤਾ ਪਰ ਇਕ ਦਿਨ ਪ੍ਰਭੂ ਦੀ ਭਗਤੀ ਵਿਚ ਲੀਨ ਹੋ ਗਏ ਅਤੇ ਸਾਰੇ ਗਰੀਬਾਂ ਨੂੰ ਰਸਦ ਦੀਆਂ ਝੋਲੀਆਂ ਭਰ ਦਿੱਤੀਆਂ ਮੋਦੀਖਾਨੇ ਵਿਚ ਕੰਮ ਕਰਨ ਤੋਂ ਬਾਅਦ ਕੁੱਝ ਸਮੇਂ ਬਾਅਦ ਉਨ੍ਹਾਂ ਦਾ ਦਿਲ ਨਾ ਲੱਗਿਆ ਅਤੇ ਉਹ ਸੰਨ 1497 ਈ: ਵਿਚ ਉਹ ਉਥੋਂ ਮਾਨਵਤਾ ਨੂੰ ਸਿੱਧੇ ਰਾਹੇ ਪਾਉਣ ਲਈ ਨਿਕਲ ਪਏ.

ਗੁਰੂ ਜੀ ਨੇ ਆਪਣੀਆਂ ਚਾਰ ਉਦਾਸੀਆਂ ਵਿਚ ਅਕਾਲ ਪੁਰਖ ਦਾ ਹੁਕਮ ਪੂਰਾ ਕਰਨ ਵਾਸਤੇ ਅਤੇ ਵਿਸ਼ੇ ਵਿਕਾਰਾਂ ਵਿਚ ਸੜਦੀ ਬਲਦੀ ਲੁਕਾਈ ਨੂੰ ਸੱਚ ਦੇ ਮਾਰਗ 'ਤੇ ਪਾਉਣ ਲਈ ਧਰਮ ਪ੍ਰਚਾਰ ਦੀਆਂ ਉਦਾਸੀਆਂ ਤੇ ਨਿਕਲ ਪਏ ਇਨ੍ਹਾਂ ਉਦਾਸੀਆਂ ਤੋਂ ਵਾਪਸ ਪਰਤ ਕੇ ਕਰਤਾਰ ਪੁਰ ਸਾਹਿਬ ਵਿਖੇ ਆ ਕੇ ਰਹਿਣ ਲੱਗੇ,ਜਿਥੇ ਉਨ੍ਹਾਂ ਦੀ ਮੁਲਾਕਾਤ ਭਾਈ ਲਹਿਣਾ ਜੀ ਨਾਲ ਹੋਈ ਭਾਈ ਲਹਿਣਾ ਜੀ ਪਹਿਲਾਂ ਦੇਵੀ ਦੇ ਸ਼ਰਧਾਲੂ ਸਨ ਅਤੇ ਹਰ ਸਾਲ ਉਨ੍ਹਾਂ ਦੇ ਦਰਸ਼ਨਾਂ ਲਈ ਜਾਂਦੇ ਸਨ ਪਰ ਇਕ ਵਾਰ ਜਦ ਗੁਰੂ ਜੀ ਦੀ ਬਾਣੀ ਸੁਣੀ ਤਾਂ ਉਹਨਾਂ ਦੇ ਹੀ ਹੋ ਗਏ ਗੁਰੂ ਜੀ ਨੇ ਭਾਈ ਲਹਿਣਾ ਜੀ ਦੀਆਂ ਕਈ ਪ੍ਰੀਖਿਆਵਾ ਲਈਆਂ

ਅੰਤ ਵਿਚ ਗੁਰੂ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਗੁਰਗੱਦੀ 'ਤੇ ਬਿਠਾ ਕੇ ਪੰਜ ਪੈਸੇ ਨਾਰੀਅਲ ਰੱਖ , ਪੰਜ ਪਰਕਰਮਾਂ ਕਰ ਮੱਥਾ ਟੇਕਿਆ ਅਤੇ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਤੋਂ ਲਗਵਾ ਕੇ ਦੂਸਰੇ ਗੁਰੂ ਨਾਨਕ(ਗੁਰੂ ਅੰਗਦ ਦੇਵ) ਨੂੰ ਪ੍ਰਗਟ ਕੀਤਾ

ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੇ ਪ੍ਰਮੁੱਖ ਗੁਰਦੁਆਰੇ

* ਗੁਰਦੁਆਰਾ ਕੰਧ ਸਾਹਿਬ -ਬਟਾਲਾ (ਗੁਰਦਾਸਪੁਰ )
* ਗੁਰਦੁਆਰਾ ਹਾਟ ਸਾਹਿਬ- ਸੁਲਤਾਨਪੁਰ ਲੋਧੀ (ਕਪੂਰਥਲਾ)
* ਗੁਰਦੁਆਰਾ ਗੁਰੂ ਦਾ ਬਾਗ - ਸੁਲਤਾਨਪਰ ਲੋਧੀ (ਕਪੂਰਥਲਾ)
* ਗੁਰਦੁਆਰਾ ਕੋਠੀ ਸਾਹਿਬ - ਸੁਲਤਾਨਪੁਰ ਲੋਧੀ (ਕਪੂਰਥਲਾ)
* ਗੁਰਦੁਆਰਾ ਬੇਰ ਸਾਹਿਬ - ਸੁਲਤਾਨਪੁਰ ਲੋਧੀ (ਕਪੂਰਥਲਾ)
* ਗੁਰਦੁਆਰਾ ਅਚਲ ਸਾਹਿਬ - ਗੁਰਦਾਸਪੁਰ
* ਗੁਰਦੁਆਰਾ ਡੇਰਾ ਬਾਬਾ ਨਾਨਕ - ਗੁਰਦਾਸਪੁਰ