Shri Guru Hargobind Ji-ਗੁਰੂ ਹਰਿਗੋਬਿੰਦ ਸਾਹਿਬ

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ 19 ਜੂਨ ਸੰਨ 1595 ਈ.ਨੂੰ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਮਾਤਾ ਗੰਗਾ ਜੀ ਦੀ ਕੁੱਖੋਂ ਪਿੰਡ ਵਡਾਲੀ ਜਿਲਾ ਅੰਮ੍ਰਿਤਸਰ ਵਿਖੇ ਹੋਇਆ. ਆਪ ਜੀ ਧਰਮ ਪ੍ਰਚਾਰ ਲਈ ਦੂਰ ਦੂਰ ਤੱਕ ਗਏ ਅਤੇ ਆਪ ਜੀ ਨੇ ਚਾਰ ਜੰਗਾਂ ਵੀ ਲੜੀਆਂ. ਆਪ ਜੀ ਨੇ ਅੰਮ੍ਰਿਤਸਰ ਵਿਖੇ ਅਕਾਲ ਤਖਤ ,ਕੌਲਸਰ ,ਰਾਮਸਰ ਆਦਿ ਬਣਾਏ.

ਗੁਰੂ ਜੀ ਦਾ ਪ੍ਰਤਾਪ ਵਧਦਾ ਵੇਖ ਕੇ ਜਹਾਂਗੀਰ ਬਾਦਸ਼ਾਹ ਨੂੰ ਖਤਰਾ ਹੋਇਆ. ਉਸ ਨੇ ਧੋਖੇ ਨਾਲ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰ ਬੰਦ ਕਰ ਦਿੱਤਾ. ਜਾਣੀ-ਜਾਣ ਛੇਵੇਂ ਗੁਰੂ ਜੀ ਨੇ ਹੁਕਮ ਵਿੱਚ ਆਪ ਹੀ ਕੌਤਕ ਰਚਿਆ ਸੀ ਕਿਉਂਕਿ 52 ਬੇਕਸੂਰ ਕੈਦੀ ਰਾਜੇ ਗੁਰੂ ਜੀ ਦਾ ਧਿਆਨ ਧਰ ਕੇ ਪੁਕਾਰਾਂ ਕਰ ਰਹੇ ਸਨ ਕਿ ਸਾਨੂੰ ਇਸ ਭਿਆਨਕ ਸਜ਼ਾ ਤੋਂ ਮੁਕਤ ਕਰਵਾਓ. ਉਧਰ ਬਾਦਸ਼ਾਹ ਜਹਾਂਗੀਰ ਨੂੰ ਭਿਆਨਕ ਸੁਪਨੇ ਆਉਣ ਦੇ ਕਾਰਣ ਗੰਭੀਰ ਬਿਮਾਰੀ ਲੱਗੀ ਜਿਸ ਨਾਲ ਉਸ ਦੀ ਨੀਂਦ ਹਰਾਮ ਹੋ ਗਈ.

ਉਸ ਨੇ ਗੁਰੂ ਜੀ ਨੂੰ ਦਿੱਲੀ ਵਿਖੇ ਦਰਸ਼ਨ ਦੇਣ ਲਈ ਬੇਨਤੀ ਕੀਤੀ. ਗੁਰੂ ਸਾਹਿਬ ਜੀ ਨੇ ਕਿਹਾ ਜਦੋਂ ਤਕ ਸਾਰੇ ਕੈਦੀ ਰਾਜਿਆਂ ਨੂੰ ਰਿਹਾ ਨਹੀਂ ਜਾਵੇਗਾ ਮੈਂ ਗਵਾਲੀਅਰ ਦੀ ਕੈਦ ਤੋਂ ਬਹਾਰ ਨਹੀਂ ਆਵਾਂਗਾ. ਬਾਦਸ਼ਾਹ ਨੇ ਬੇਨਤੀ ਕੀਤੀ ਕਿ ਜਿੰਨੇ ਵੀ ਰਾਜੇ ਆਪ ਜੀ ਦੇ ਚੋਲੇ ਦੀ ਕਲੀਆਂ ਫੜ ਲੈਣਗੇ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ.

ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਸਿਲਵਾ ਕੇ ਪਹਿਨਿਆ, ਸਾਰੇ ਰਾਜਿਆਂ ਨੂੰ ਚੋਲੇ ਦੀਆਂ ਕਲੀਆਂ ਫੜਾਈਆਂ ਤੇ ਉਨ੍ਹਾਂ ਨੂੰ ਰਿਹਾ ਕਰਾਇਆ ਇਸ ਕਰ ਕੇ ਆਪ ਜੀ ਨੂੰ ਦਾਤਾ ਬੰਦੀ ਛੋੜ ਵੀ ਕਿਹਾ ਜਾਂਦਾ ਹੈ. ਆਪ ਜੀ ਦੇ ਕਿਲੇ ਵਿੱਚੋਂ ਰਿਹਾ ਹੋਣ ਦੀ ਖੁਸ਼ੀ ਵਿੱਚ ਲੋਕਾਂ ਨੇ ਘਰ-ਘਰ ਦੀਪਮਾਲਾ ਕੀਤੀ.

ਆਪ ਜੀ 3 ਮਾਰਚ 1644 ਈ. ਨੂੰ ਕੀਰਤਪੁਰ ਵਿਖੇ ਜੋਤੀ ਜੋਤ ਸਮਾ ਗਏ.