Shri Guru Granth Sahib Ji-ਗੁਰੂ ਗ੍ਰੰਥ ਸਾਹਿਬ ਜੀ

ਮਨੁੱਖਤਾ ਦੇ ਕਲਿਆਣ ਲਈ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਲਹੀ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ. ਇਸ ਗ੍ਰੰਥ ਸਾਹਿਬ ਨੂੰ ਪਹਿਲਾਂ ਆਦਿ ਸ਼੍ਰੀ ਗ੍ਰੰਥ ਸਾਹਿਬ ਕਿਹਾ ਜਾਂਦਾ ਸੀ. ਆਦਿ ਸ਼੍ਰੀ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ 1604 ਈ: ਵਿੱਚ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ.

ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰੀ ਗਈ ਸਾਰੀ ਬਾਣੀ ਇੱਕ ਪਾਵਨ ਪੋਥੀ ਵਿੱਚ ਦਰਜ ਹੋਈ ਜਿਸ ਵਿੱਚ ਗੁਰੂ ਅੰਗਦ ਦੇਵ ਜੀ ਨੇ ਆਪਣੇ ਸਲੋਕ ਜੋੜ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਸੁਪਰਦ ਕੀਤੀ. ਇਸ ਪ੍ਰਕਾਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਪੋਥੀ ਵਿੱਚ ਆਪਣੇ ਅਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਉਚਾਰੇ ਸ਼ਬਦਾਂ ਦੇ ਨਾਲ ਨਾਲ ਵੱਖ-ਵੱਖ ਧਰਮਾਂ, ਭਾਸ਼ਾਵਾਂ ਅਤੇ ਸੰਪ੍ਰਦਾਵਾਂ ਨਾਲ ਸੰਬੰਧਿਤ ਪ੍ਰਭੂ ਦੀ ਉਸਤਤ ਵਿੱਚ ਲੀਨ 15 ਭਗਤਾਂ, 11 ਭੱਟਾਂ ਅਤੇ 3 ਗੁਰਸਿੱਖਾਂ ਦੀ ਬਾਣੀ ਜੋੜ ਕੇ ਇਹ ਗ੍ਰੰਥ ਸਾਹਿਬ ਲੱਗਭੱਗ 4 ਸਾਲਾਂ ਵਿੱਚ ਤਿਆਰ ਕੀਤਾ.

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਜਾਬੀ, ਹਿੰਦੀ, ਮਰਾਠੀ, ਅਰਬੀ, ਫ਼ਾਰਸੀ, ਬ੍ਰਿਜ, ਸੰਸਕ੍ਰਿਤ ਆਦਿ ਭਾਸ਼ਾਵਾਂ ਦਾ ਇਸਤੇਮਾਲ ਕੀਤਾ ਗਿਆ ਹੈ. ਗੁਰੂ ਗ੍ਰੰਥ ਸਹਿਬ ਵਿੱਚ 31 ਰਾਗਾਂ ਵਿੱਚ ਬਾਣੀ ਸੁਭਾਇਮਾਨ ਹੈ ਜਿਵੇਂ ਸਿਰੀ ਰਾਗ, ਰਾਗ ਮਾਝ, ਰਾਗ ਗਉੜੀ, ਰਾਗ ਆਸਾ, ਰਾਗ ਗੁਜਰੀ, ਰਾਗ ਵਡਹੰਸ, ਰਾਗ ਸੋਰਠਿ, ਰਾਗ ਧਨਾਸਰੀ,ਰਾਗ ਬਿਲਾਵਲ ਆਦਿ.

ਗੁਰੂ ਗ੍ਰੰਥ ਸਹਿਬ ਜੀ ਵਿੱਚ ਛੇ ਗੁਰੂ ਸਾਹਿਬਾਨ ਸ਼੍ਰੀ ਗੁਰੂ ਨਾਨਕ ਦੇਵ ਜੀ 974 ਸ਼ਬਦ, ਗੁਰੂ ਅੰਗਦ ਦੇਵ ਜੀ 63 ਸ਼ਲੋਕ, ਗੁਰੂ ਅਮਰਦਾਸ ਸਾਹਿਬ ਜੀ 907 ਸ਼ਬਦ, ਗੁਰੂ ਰਾਮਦਾਸ ਸਾਹਿਬ ਜੀ 679 ਸ਼ਬਦ, ਗੁਰੂ ਅਰਜਨ ਦੇਵ ਸਾਹਿਬ ਜੀ 2218 ਸ਼ਬਦ, ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 116 ਸ਼ਬਦ ਦਰਜ ਹਨ.

ਇਹਨਾਂ ਦੇ ਅਲਾਵਾ ਭਗਤ ਫ਼ਰੀਦ ਜੀ, ਨਾਮ ਦੇਵ ਜੀ, ਕਬੀਰ ਜੀ, ਸੂਰਦਾਸ ਜੀ, ਭੀਖਣ ਜੀ, ਤ੍ਰਿਲੋਚਨ ਜੀ, ਧੰਨਾ ਜੀ, ਰਵਿਦਾਸ ਜੀ, ਭਗਤ ਪੀਪਾ ਜੀ ਆਦਿ ਭਗਤਾਂ ਦੀ ਬਾਣੀ ਬਿਨਾ ਜਾਤ ਦੇ ਭੇਦ ਭਾਵ ਦੇ ਦਰਜ ਹੈ. ਤਿੰਨ ਗੁਰਸਿਖਾਂ ਦੀ ਬਾਣੀ ਬਲਵੰਡ ਜੀ, ਸੱਤਾ ਜੀ, ਸੁੰਦਰ ਜੀ ਦੀ ਬਾਣੀ ਵੀ ਦਰਜ ਹੈ. ਇਹਨਾਂ ਦੇ ਅਲਾਵਾ 11 ਭੱਟਾਂ ਦੀ ਬਾਣੀ ਭੱਟ ਕੀਰਤ ਜੀ, ਕਲਸਹਾਰ ਜੀ, ਮਥੁਰਾ ਜੀ ਆਦਿ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ.

ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਨ 1708 ਈ: ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜ ਪਰਕਰਮਾਂ ਕਰਕੇ ਮੱਥਾ ਟੇਕਿਆ ਅਤੇ ਗੁਰਿਆਈ ਬਖਸ਼ੀ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸਮੁੱਚੀ ਮਾਨਵਤਾ ਦੀ ਭਲਾਈ ਵਾਸਤੇ ਹੈ ਭਾਵੇਂ ਉਹ ਕਿਸੇ ਵੀ ਮੁਲਕ ਅਤੇ ਧਰਮ ਦਾ ਹੋਵੇ. ਗੁਰੂ ਸਾਹਿਬ ਜੀ ਦੀ ਬਖ਼ਸ਼ਸ਼ ਉਹ ਹੀ ਲਵੇਗਾ, ਜੋ ਗੁਰੂ ਸਾਹਿਬ ਜੀ ਦਾ ਉਪਦੇਸ਼ ਕਮਾਵੇਗਾ.