Shri Guru Angad Dev Ji-ਗੁਰੂ ਅੰਗਦ ਦੇਵ ਜੀ

ਗੁਰੂ ਅੰਗਦ ਦੇਵ ਜੀ ਦਾ ਜਨਮ ਮਾਰਚ 1504 ਈ; ਵਿੱਚ ਸ਼੍ਰੀ ਫੇਰੂ ਮੱਲ ਦੇ ਗ੍ਰਹਿ ਮਾਤਾ ਸਭਰਾਈ ਜੀ ਦੀ ਕੁੱਖੋਂ ,ਮੱਤੇ ਦੀ ਸਰਾਂ ਜਿਲ੍ਹਾ ਫਿਰੋਜਪੁਰ ਵਿਖੇ ਹੋਇਆ. ਆਪ ਜੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾ ਨੂੰ ਗਏ ਅਤੇ ਇੰਨੇ ਨਿਹਾਲ ਹੋਏ ਕਿ ਹਮੇਸ਼ਾ ਵਾਸਤੇ ਉਨ੍ਹਾਂ ਦੇ ਹੋ ਗਏ.

ਆਪ ਜੀ ਗੁਰੂ ਸੇਵਾ ਦੌਰਾਨ ਸਿੱਖੀ ਦੀ ਕਸਵੱਟੀ ਦੀਆਂ ਅਨੇਕਾ ਹੀ ਪਰੀਖਿਆਵਾਂ ਉੱਪਰ ਖਰੇ ਉੱਤਰੇ. ਆਪ ਜੀ ਨੇ ਪੰਜਾਬੀ ਭਾਸ਼ਾ ਦੇ ਪੈਂਤੀ ਅੱਖਰਾ ਨੂੰ ਤਰਤੀਬ ਨਾਲ ਜੋੜ ਕੇ ਗੁਰਮੁਖੀ ਭਾਸ਼ਾ ਦਾ ਮੁੱਢ ਬੰਨ੍ਹਿਆ.

ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕਰਕੇ ਗੁਰਮੁਖੀ ਵਿੱਚ ਲਿਖਿਆ.ਗੁਰੂ ਨਾਨਕ ਦੇਵ ਜੀ ਦੀ ਚਲਾਈ ਮਰਿਆਦਾ ਨੂੰ ਦ੍ਰਿੜਾਇਆ. ਗੁਰੂ ਅੰਗਦ ਦੇਵ ਜੀ ਦਾ ਪਹਿਲਾਂ ਨਾਮ ਭਾਈ ਲਹਿਣਾ ਜੀ ਸੀ. ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਹਰ ਸਮੇਂ ਸੇਵਾ ਕੀਤੀ.

ਉਹ ਹਰ ਸਮੇਂ ਨਾਮ ਜਪਦੇ ਤੇ ਕਿਰਤ ਕਰਦੇ. ਗੁਰੂ ਜੀ ਜੋ ਵੀ ਹੁਕਮ ਕਰਦੇ ਆਪ ਜੀ ਸਤਿ ਬਚਨ ਕਹਿ ਕੇ ਉਸ ਦੀ ਪਾਲਨਾ ਕਰਦੇ. ਗੁਰਿਆਈ ਪ੍ਰਾਪਤ ਹੋਣ ਦੇ ਬਾਅਦ ਆਪ ਜੀ ਖਡੂਰ ਸਹਿਬ ਵਿੱਚ ਰਹਿਣ ਲੱਗੇ, ਉਸ ਸਮੇਂ ਖਡੂਰ ਤੋਂ ਤਿੰਨ ਕੁ ਕੋਹ ਤੇ ਭਾਈ ਜੀਵਾ ਨਾਂ ਦਾ ਇੱਕ ਗੁਰਸਿੱਖ ਰਹਿੰਦਾ ਸੀ. ਉਹ ਹਰ ਰੋਜ ਸਵੇਰੇ ਗੁਰੂ ਜੀ ਦੇ ਲੰਗਰ ਲਈ ਦਹੀਂ ਖਿੱਚੜੀ ਪੁਚਾਉਂਦਾ ਸੀ. ਇਹ ਨੇਮ ਉਸ ਨੇ ਸਾਰੀ ਉਮਰ ਨਿਭਾਇਆ.

ਉਸ ਦੇ ਮਗਰੋਂ ਇਹ ਸੇਵਾ ਉਸ ਦੀ ਧੀ ਜਿਵਾਈ ਨੇ ਸੰਭਾਲੀ. ਇੱਕ ਦਿਨ ਜਦ ਉਹ ਦਹੀਂ ਖਿੱਚੜੀ ਲੈ ਕੇ ਜਿਵਾਈ ਨੇ ਸੰਭਾਲੀ. ਇੱਕ ਦਿਨ ਜਦ ਉਹ ਦਹੀਂ ਖਿੱਚੜੀ ਲੈ ਕੇ ਤੁਰਨ ਲੱਗੀ, ਤਾਂ ਜ਼ੋਰ ਦੀ ਹਨੇਰੀ ਆ ਗਈ. ਜਿਵਾਈ ਨੇ ਹੱਥ ਅੱਗੇ ਕਰ ਕੇ ਅਰਦਾਸ ਕੀਤੀ ਕਿ ਹਨੇਰੀ ਹਟ ਜਾਵੇ ਤਾਂ ਕਿ ਮੈਂ ਸਮੇਂ ਸਿਰ ਦਹੀਂ ਖਿੱਚੜੀ ਲੰਗਰ ਵਿੱਚ ਪੁਚਾ ਸਕਾਂ. ਹਨੇਰੀ ਹਟ ਗਈ, ਜਿਵਾਈ ਖਡੂਰ ਜਾ ਪੁੱਜੀ.

ਉਸ ਦਿਨ ਗੁਰੂ ਜੀ ਨੇ ਦਹੀਂ ਖਿਚੜੀ ਨਾ ਛਕੀ. ਜਿਵਾਈ ਨੇ ਕਾਰਨ ਪੁਛਿਆ, ਤਾਂ ਉਹ ਕਹਿਣ ਲੱਗੇ, ਪੁਤਰੀ ਤੂੰ ਰੱਬ ਦੀ ਰਜ਼ਾ ਵਿੱਚ ਦਖਲ ਨਹੀਂ ਸੀ ਦੇਣਾ. ਸਾਨੂੰ ਸਦਾ, ਪਰਮਾਤਮਾ ਦੀ ਆਗਿਆ ਵਿੱਚ ਰਹਿਣਾ ਚਾਹੀਦਾ ਹੈ, ਇਸ ਹਨੇਰੀ ਨੇ ਵੀ ਕਈ ਜੀਆਂ ਦਾ ਭਲ ਕਰਨਾ ਸੀ. ਸਾਨੂੰ ਰੱਬ ਦਾ ਕੀਤਾ ਖੁਸ਼ੀ ਨਾਲ ਮੰਨਣਾ ਚਾਹੀਦਾ ਹੈ. ਜਿਵਾਈ ਤੇ ਹੋਰ ਸਿੱਖਾ ਨੇ ਇਹੋ ਅਸੂਲ ਸਮਝ ਲਿਆ ਤੇ ਸਦਾ ਇਸ ਦੀ ਪਾਲਨਾ ਕਰਨ ਦਾ ਪ੍ਰਣ ਕੀਤਾ.

ਗੁਰੂ ਅੰਗਦ ਦੇਵ ਜੀ 1552 ਈ. ਵਿੱਚ ਗੁਰੂ ਅਮਰਦਾਸ ਨੂੰ ਗੁਰੂ ਗੱਦੀ ਸੌਂਪ ਕੇ ਜੋਤੀ ਜੋਤ ਸਮਾ ਗਏ.