Mere Na Murad Ishq Da-ਮੇਰੇ ਨਾ ਮੁਰਾਦ ਇਸ਼ਕ ਦਾ

ਮੇਰੇ ਨਾ ਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆ
ਮੈਨੂੰ ਮੇਰੇ ‘ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆ

ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰ੍ਹਾਂ ਹੈ
ਸੂਲੀ ‘ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ

ਇਕ ਵਕਤ ਸੀ ਕਿ ਆਪਣੇ, ਲਗਦੇ ਸੀ ਸਭ ਪਰਾਏ
ਇਕ ਵਕਤ ਹੈ ਮੈਂ ਖੁਦ ਲਈ ਅੱਜ ਆਪ ਹਾਂ ਪਰਾਇਆ

ਮੇਰੇ ਦਿਲ ਦੇ ਦਰਦ ਦਾ ਵੀ ਉੱਕਾ ਨਾ ਭੇਤ ਚੱਲਿਆ
ਜਿਉਂ ਜਿਉਂ ਟਕੋਰ ਕੀਤੀ ਵਧਿਆ ਸਗੋਂ ਸਵਾਇਆ

ਮੈਂ ਚਾਹੁੰਦਿਆ ਵੀ ਆਪ ਨੂੰ ਰੋਣੋਂ ਨਾ ਰੋਕ ਸਕਿਆ
ਆਪਣਾ ਮੈਂ ਹਾਲ ਆਪ ਨੂੰ ਆਪੇ ਜਦੋਂ ਸੁਣਾਇਆ

ਕਹਿੰਦੇ ਨੇ ਯਾਰ ‘ਸਿ਼ਵ’ ਦੇ ਮੁੱਦਤ ਹੋਈ ਹੈ ਮਰਿਆਂ
ਪਰ ਰੋਜ਼ ਆ ਕੇ ਮਿਲਦੈ ਅੱਜ ਤੀਕ ਉਸ ਦਾ ਸਾਇਆ।