Maitho Mera Birha-ਮੈਥੋਂ ਮੇਰਾ ਬਿਰਹਾ ਵੱਡਾ

ਮੈਥੋਂ ਮੇਰਾ ਬਿਰਹਾ ਵੱਡਾ
ਮੈਂ ਨਿੱਤ ਕੂਕ ਰਿਹਾ
ਮੇਰੀ ਝੋਲੀ ਇੱਕੋ ਹੌਕਾ
ਇਹਦੀ ਝੋਲੀ ਅਥਾਹ!

ਬਾਲ-ਵਰੇਸੇ ਇਸ਼ਕ ਗਵਾਚਾ
ਜ਼ਖਮੀ ਹੋ ਗਏ ਸਾਹ!
ਮੇਰੇ ਹੋਠਾਂ ਵੇਖ ਲਈ
ਚੁੰਮਣਾਂ ਦੀ ਜੂਨ ਹੰਢਾ!

ਜੋ ਚੁੰਮਣ ਮੇਰੇ ਦਰ ‘ਤੇ ਖੜਿਆ
ਇਕ ਅਧ ਵਾਰੀ ਆ
ਮੁੜ ਉਹ ਭੁੱਲ ਕਦੇ ਨਾ ਲੰਘਿਆ
ਏਸ ਦਰਾਂ ਦੇ ਰਾਹ!

ਮੈਂ ਉਹਨੂੰ ਨਿੱਤ ਉਡੀਕਣ ਬੈਠਾ
ਥੱਕਿਆ ਔਂਸੀਆਂ ਪਾ
ਮੈਨੂੰ ਉਹ ਚੁੰਮਣ ਨਾ ਬਹੁੜਿਆ
ਸੈ ਚੁੰਮਣਾਂ ਦੇ ਵਣ ਗਾਹ!

ਉਹ ਚੁੰਮਣ ਮੇਰੇ ਹਾਣ ਦਾ
ਵਿਚ ਲੱਖ ਸੂਰਜ ਦਾ ਤਾ
ਜਿਹੜੇ ਸਾਹੀਂ ਚੇਤਰ ਖੇਡਦਾ
ਮੈਨੂੰ ਉਸ ਚੁੰਮਣ ਦਾ ਚਾ!

ਪਰਦੇਸੀ ਚੁੰਮਣ ਮੈਂਡਿਆ
ਕਦੇ ਵਤਨੀ ਫੇਰਾ ਪਾ
ਕਿਤੇ ਸੁੱਚਾ ਬਿਰਹਾ ਤੈਂਡੜਾ
ਮੈਥੋਂ ਜੂਠਾ ਨਾ ਹੋ ਜਾ!

ਬਿਰਹਾ ਵੀ ਲੋਭੀ ਕਾਮ ਦਾ
ਇਹਦੀ ਜਾਤ ਕੁਜਾਤ ਨਾ ਕਾ
ਭਾਵੇਂ ਬਿਰਹਾ ਰੱਬੋਂ ਵੱਡੜਾ
ਮੈਂ ਉੱਚੀ ਕੂਕ ਰਿਹਾ!