SadiApni.Com
Punjabi Sairy
Birhan Jind Meri Ne-ਬਿਰਹਣ ਜਿੰਦ ਮੇਰੀ ਨੀ ਸਈੳ,
ਬਿਰਹਣ ਜਿੰਦ ਮੇਰੀ ਨੀ ਸਈੳ,
ਕੋਹ ਇਕ ਹੋਰ ਮੁਕਾਇਆ ਨੀ
ਪੱਕਾ ਮੀਲ ਮੌਤ ਦਾ ਨਜ਼ਰੀ,
ਅਜੇ ਵੀ ਨਾ ਪਰ ਆਇਆ ਨੀ।
ਵਰ੍ਹਿਆ ਨਾਲ ਉਮਰ ਦਾ ਪਾਸਾ,
ਖੇਡਦਿਆਂ ਮੇਰੀ ਦੇਹੀ ਨੇ,
ਹੋਰ ਸਮੇਂ ਹੱਥ ਸਾਹਵਾਂ ਦਾ,
ਇਕ ਸੰਦਲੀ ਨਰਦ ਹਰਾਇਆ ਨੀ।
ਆਤਮ-ਹੱਤਿਆ ਦੇ ਰੱਥ ਉੱਤੇ,
ਜੀ ਕਰਦੈ ਚੜ੍ਹ ਜਾਵਾਂ ਨੀ,
ਕਾਇਰਤਾ ਦੇ ਦੱਮਾਂ ਦਾ-
ਪਰ ਕਿਥੋਂ ਦਿਆਂ ਕਿਰਾਇਆ ਨੀ।
ਅੱਜ ਕਬਰਾਂ ਦੀ ਕੱਲਰੀ ਮਿੱਟੀ,
ਲਾ ਮੇਰੇ ਮੱਥੇ ਮਾਏ ਨੀ।
ਇਸ ਮਿੱਟੜੀ ‘ਚੋਂ ਮਿੱਠੜੀ ਮਿੱਠੜੀ,
ਅੱਜ ਖੁਸ਼ਬੋਈ ਆਏ ਨੀ।
ਲਾ ਲਾ ਲੂਣ ਖੁਆਏ ਦਿਲ ਦੇ,
ਡੱਕਰੇ ਕਰ ਕਰ ਪੀੜਾਂ ਨੂੰ,
ਪਰ ਇਕ ਪੀੜ ਵਸਲ ਦੀ ਤਾਂ ਵੀ,
ਭੁੱਖੀ ਮਰਦੀ ਜਾਏ ਨੀ।
ਸਿਦਕ ਦੇ ਕੂਲੇ ਪਿੰਡੇ ‘ਤੇ-
ਅੱਜ ਪੈ ਗਈਆਂ ਇਉਂ ਲਾਸਾਂ ਨੀ,
ਜਿਉਂ ਤੇਰੇ ਬੱਗੇ ਵਾਲੀਂ ਕੋਈ ਕੋਈ,
ਕਾਲਾ ਨਜ਼ਰੀਂ ਆਏ ਨੀ।
ਨੀ ਮੇਰੇ ਪਿੰਡ ਦੀੳ ਕੁੜੀੳ ਚਿੜੀੳ,
ਆੳ ਮੈਨੂੰ ਦਿੳ ਦਿਲਾਸਾ ਨੀ।
ਪੀ ਚੱਲਿਆ ਮੈਨੂੰ ਘੁੱਟ ਘੁੱਟ ਕਰ ਕੇ,
ਗਮ ਦਾ ਮਿਰਗ ਪਿਆਸਾ ਨੀ।
ਹੰਝੂਆਂ ਦੀ ਅੱਗ ਸੇਕ ਸੇਕ ਕੇ
ਸੜ ਚੱਲੀਆਂ ਜੇ ਪਲਕਾਂ ਨੀ,
ਪਰ ਪੀੜਾਂ ਦੇ ਪੋਹ ਦਾ ਅੜੀੳ।
ਘਟਿਆ ਸੀਤ ਨਾ ਮਾਸਾ ਨੀ।
ਤਾਪ ਤ੍ਰਈਏ ਫਿਕਰਾਂ ਦੇ ਨੇ
ਮਾਰ ਮੁਕਾਈ ਜਿੰਦੜੀ ਨੀ,
ਲੂਸ ਗਿਆ ਹਰ ਹਸਰਤ ਮੇਰੀ
ਲੱਗਿਆ ਹਿਜਰ ਚੁਮਾਸਾ ਨੀ।
ਪੀੜਾਂ ਪਾ ਪਾ ਪੂਰ ਲਿਆ,
ਮੈਂ ਦਿਲ ਦਾ ਖੂਹਾ ਖਾਰਾ ਨੀ।
ਪਰ ਬਦਬਖ਼ਤ ਨਾ ਸੁੱਕਿਆ ਅੱਥਰਾ,
ਇਹ ਕਰਮਾਂ ਦਾ ਮਾਰਾ ਨੀ।
ਅੱਧੀ ਰਾਤੀਂ ਉੱਠ ੳੱਠ ਰੋਵਾਂ
ਕਰ ਕਰ ਚੇਤੇ ਮੋਇਆਂ ਨੂੰ,
ਮਾਰ ਦੁਹੱਥੜਾਂ ਪਿੱਟਾਂ ਜਦ ਮੈਂ
ਟੁੱਟ ਜਾਏ ਕੋਈ ਤਾਰਾ ਨੀ।
ਦਿਲ ਦੇ ਵਿਹੜੇ ਫੂਹੜੀ ਪਾਵਾਂ
ਯਾਦਾਂ ਆਉਣ ਮਕਾਣੇ ਨੀ,
ਰੋਜ਼ ਗਮਾਂ ਦੇ ਸੱਥਰ ਸੌਂ ਸੌਂ
ਜੋੜੀ ਬਹਿ ਗਿਆ ਪਾਰਾ ਨੀ।
ਸਈੳ ਰੁੱਖ ਹਯਾਤੀ ਦੇ ਨੂੰ
ਕੀਹ ਪਾਵਾਂ ਮੈਂ ਪਾਣੀ ਨੀ !
ਸਿਉਂਕ ਇਸ਼ਕ ਦੀ ਫੋਕੀ ਕਰ ਗਈ,
ਇਹਦੀ ਹਰ ਇਕ ਟਾਹਣੀ ਨੂੰ।
ਯਾਦਾਂ ਦਾ ਕਰ ਲੋਗੜ ਕੋਸਾ
ਕੀਹ ਮੈਂ ਕਰਾਂ ਟਕੋਰਾਂ ਨੀ।
ਪਈ ਬਿਰਹੋਂ ਦੀ ਸੋਜ ਕਲੇਜੇ
ਮੋਇਆਂ ਬਾਝ ਨਾ ਜਾਣੀ ਨੀ।
ਡੋਲ੍ਹ ਇਤਰ ਮੇਰੀ ਜੁਲਫੀਂ ਮੈਨੂੰ
ਲੈ ਚੱਲੋ ਕਬਰਾਂ ਵੱਲੇ ਨੀ,
ਖੌਰੇ ਭੂਤ ਭੁਤਾਣੇ ਹੀ ਬਣ
ਚੰਬਣ ਜਾਵਣ ਹਾਣੀ ਨੀ।